ਪੰਜਾਬੀ ਮਾਂ ਬੋਲੀ ਦਿਵਸ 2025

ਪੰਜਾਬੀ ਮਾਂ ਬੋਲੀ ਦਿਵਸ 2025

ਗੌਰਮਿੰਟ ਸਰਕਾਰੀ ਗੁਰੂ ਨਾਨਕ ਗ੍ਰੈਜੂਏਟ ਕਾਲਜ, ਨਨਕਾਣਾ ਸਾਹਿਬ ਵਿਖੇ ਪੰਜਾਬੀ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਮੁਹੰਮਦ ਜਮੀਲ ਸ਼ਾਹ ਦੀ ਸਰਪ੍ਰਸਤੀ ਹੇਠ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਵਸ ਦੇ ਮੌਕੇ 'ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਨਨਕਾਣਾ ਸਾਹਿਬ ਦੇ ਮਹਾਨ ਪੰਜਾਬੀ ਕਵੀ ਰਾਏ ਮੁਹੰਮਦ ਖਾਨ ਨਾਸਿਰ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਇਸ ਸਮਾਗਮ ਵਿੱਚ ਪ੍ਰਿੰਸੀਪਲ ਡਾ. ਮੁਹੰਮਦ ਜਮੀਲ ਸ਼ਾਹ, ਇਤਿਹਾਸ ਦੇ ਪ੍ਰੋਫੈਸਰ ਮੁਹੰਮਦ ਹਸਨ ਰਾਏ, ਇਕੋਨੋਮਿਕਹ ਦੇ ਪ੍ਰੋਫੈਸਰ ਨਸੀਮ ਅਹਿਮਦ, ਪੰਜਾਬੀ ਦੇ ਪ੍ਰੋਫੈਸਰ ਮਦਨ ਸਿੰਘ ਅਤੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਮਹਿਦੀ ਰਿਆਜ਼ ਨੇ ਵੀ ਸ਼ਿਰਕਤ ਕੀਤੀ। ਪੰਜਾਬੀ ਦਿਵਸ ਬਾਰੇ ਬੋਲਦਿਆਂ ਪ੍ਰੋਫੈਸਰ ਮੁਹੰਮਦ ਹਸਨ ਰਾਏ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਸਭ ਤੋਂ ਵੱਡਾ ਅਨਿਆਂ ਪੰਜਾਬੀ ਭਾਸ਼ਾ ਤੋਂ ਉਨ੍ਹਾਂ ਦੀ ਦੂਰੀ ਹੈ। ਸਾਡੀ ਪਛਾਣ ਸਾਡੀ ਮਾਂ ਬੋਲੀ ਪੰਜਾਬੀ ਕਰਕੇ ਹੈ ਅਤੇ ਜੇਕਰ ਸਾਡੀ ਮਾਂ ਬੋਲੀ ਅਲੋਪ ਹੋ ਜਾਂਦੀ ਹੈ, ਤਾਂ ਪੰਜਾਬ ਅਤੇ ਇਸਦਾ ਸੱਭਿਆਚਾਰ ਅਲੋਪ ਹੋ ਜਾਵੇਗਾ। ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨਾਲ ਗੱਲਬਾਤ ਕਰਦਿਆਂ ਰਾਏ ਮੁਹੰਮਦ ਖਾਨ ਨਾਸਿਰ ਨੇ ਕਿਹਾ ਕਿ ਮੇਰੇ ਸਾਹਮਣੇ ਬੈਠੀਆਂ ਧੀਆਂ ਅਤੇ ਭੈਣਾਂ ਨੂੰ ਮੇਰਾ ਸੁਨੇਹਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਨਾ ਰੱਖੋ। "ਬੱਚਾ ਜੋ ਦੇਖਦਾ ਹੈ, ਉਹੀ ਸਿੱਖਦਾ ਹੈ।" ਜੇਕਰ ਮਾਂ ਘਰ ਵਿੱਚ ਪੰਜਾਬੀ ਬੋਲਦੀ ਹੈ, ਤਾਂ ਅਗਲੀ ਪੀੜ੍ਹੀ ਵੀ ਪੰਜਾਬੀ ਨਾਲ ਜੁੜ ਜਾਵੇਗੀ। ਉਸਨੇ ਸ਼ਲੋਕ, ਬੋਲੀਆਂ, ਮਾਹੀਆ ਅਤੇ ਟੱਪੇ ਵੀ ਪੜੇ। ਪ੍ਰੋਫੈਸਰ ਮਦਨ ਸਿੰਘ ਨੇ ਆਖਿਆ ਕਿ ਤਾਲੀਮ ਸਾਡੀ ਮਾਂ ਬੋਲੀ ਵਿਚ ਹੋਣੀ ਚਾਹੀਦੀ ਹੈ ਜੋ ਕਿ ਯੂ ਐਨ ਓ ਵੱਲੋਂ ਆਖਿਆ ਗਿਆ ਹੈ ਕਿ ਬਚੇ ਦੀ ਮਾਂ ਬੋਲੀ ਵਿਚ ਤਾਲੀਮ ਬੱਚੇ ਦਾ ਹੱਕ ਹੈ। ਇਹ ਵੀ ਇਕ ਵਡਾ ਕਾਰਨ ਹੈ ਕਿ ਅਸੀਂ ਦੂਸਰੀਆਂ ਕੌਮਾਂ ਨਾਲੋਂ ਪਿੱਛੇ ਹਾਂ। ਜੇ ਪੰਜਾਬ ਵਿੱਚ ਰਹਿੰਦਿਆਂ ਅਸੀਂ ਪੰਜਾਬੀ ਨਹੀਂ ਬੋਲਾਂਗੇ ਤੇ ਫਿਰ ਅਸੀਂ ਨਾ ਤੇ ਆਪਣੀ ਮਾਂ ਬੋਲੀ ਅਤੇ ਨਾ ਧਰਤੀ ਨਾਲ ਜੁੜਤ ਦਾ ਕੋਈ ਸਬੂਤ ਦਿੱਤਾ। ਪ੍ਰਿੰਸੀਪਲ ਡਾ. ਮੁਹੰਮਦ ਸ਼ਾਹ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮੈਂ ਆਪਣੀ ਮਾਂ ਅਤੇ ਪਿਤਾ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਇੰਨੀ ਸੁੰਦਰ ਅਤੇ ਮਿੱਠੀ ਭਾਸ਼ਾ ਨਾਲ ਜਾਣੂ ਕਰਵਾਇਆ ਅਤੇ ਮੈਂ ਘਰ ਵਿੱਚ ਵੀ ਆਪਣੇ ਬੱਚਿਆਂ ਨਾਲ ਪੰਜਾਬੀ ਬੋਲਦਾ ਹਾਂ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬੀ ਹਾਂ, ਸਾਡੀ ਮਾਂ ਬੋਲੀ ਪੰਜਾਬੀ ਹੈ ਅਤੇ ਅਸੀਂ ਕਾਲਜ ਵਿੱਚ ਹਰ ਤਰ੍ਹਾਂ ਦੇ ਪੰਜਾਬੀ ਅਤੇ ਸੱਭਿਆਚਾਰਕ ਪ੍ਰੋਗਰਾਮ ਮਨਾਉਂਦੇ ਹਾਂ ਅਤੇ ਕਰਦੇ ਰਹਾਂਗੇ। ਇਸ ਤੋਂ ਇਲਾਵਾ ਪੰਜਾਬੀ ਵਿਦਿਆਰਥੀਆਂ ਨੇ ਮੀਆਂ ਮੁਹੰਮਦ ਬਖ਼ਸ਼ ਬਾਬਾ ਫ਼ਰੀਦ ਗੰਜ ਸ਼ਕਰ, ਸਾਕਾ ਨਨਕਾਣਾ ਅਤੇ ਪੰਜਾਬੀ ਕਵਿਤਾ ਤੇ ਤਕਰੀਰਾਂ ਕੀਤੀਆਂ। ਪੰਜਾਬੀ ਸੈਮੀਨਾਰ ਤੋਂ ਬਾਅਦ, ਵਿਸ਼ਵ ਪੰਜਾਬੀ ਭਾਸ਼ਾ ਦਿਵਸ ਮੌਕੇ ਇੱਕ ਰੈਲੀ ਕੱਢੀ ਗਈ, ਜਿਸ ਵਿੱਚ ਪੰਜਾਬ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਨ ਦਾ ਪ੍ਰਸਤਾਵ ਸਰਕਾਰ ਸਾਹਮਣੇ ਰੱਖਿਆ ਗਿਆ।


Babar Jalandhari


Posted By: Surjit Singh