ਦਮਦਮੀ ਟਕਸਾਲ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ 14 ਮਾਰਚ ਨੂੰ ਪੰਥਕ ਇਕੱਠ ਦਾ ਸੱਦਾ

ਦਮਦਮੀ ਟਕਸਾਲ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ 14 ਮਾਰਚ ਨੂੰ ਪੰਥਕ ਇਕੱਠ ਦਾ ਸੱਦਾ

ਪੰਥਕ ਸਿਧਾਂਤਾ ਦਾ ਘਾਣ ਕਰਨ ਵਾਲੇ ਹੰਕਾਰੀ ਲੋਕਾਂ ਨੂੰ ਦਿੱਤਾ ਜਾਵੇਗਾ ਮੂੰਹ ਤੋੜ ਜਵਾਬ - ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ।


ਚੌਂਕ ਮਹਿਤਾ -ਸ਼ਮਸ਼ੇਰ ਸਿੰਘ ਜੇਠੂਵਾਲ


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਬੀਤੇਂ ਦਿਨੀਂ ਪੰਥਕ ਭਾਵਨਾਵਾਂ ਦਰਕਿਨਾਰ ਕਰਕੇ ਤਖਤਾਂ ਦੇ ਜਥੇਦਾਰ ਹਟਾਉਣ ਦੇ ਪਹਿਲਾਂ ਆਪ ਮੁਹਾਰੇ ਲਏ ਗਏ ਫੈਸਲੇ ਤੇ ਫਿਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਲਗਾਉਣ ਲਈ ਆਪਣੀ ਮਨਮਰਜੀ ਨਾਲ ਫੈਸਲਿਆਂ ਨੂੰ ਲਾਗੂ ਕਰਵਾਉਣ ਵਾਸਤੇ ਜੋ ਢੰਗ ਅਪਣਾਏ ਗਏ,ਉਸ ਨਾਲ ਹਰ ਸਿੱਖ ਦਾ ਹਿਰਦਾ ਵਲੂਧਰਿਆ ਗਿਆ ਹੈ ਤੇ ਸਮੁੱਚੇ ਪੰਥ ਦੀਆਂ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਪੁੱਜੀ ਹੈ ।


ਤਖਤ ਸਹਿਬਾਨ ਤੇ ਮਰਿਯਾਦਾ ਦੀ ਘੋਰ ਉਲੰਘਣਾ ਦੀ ਸ਼ਖਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਦਮਦਮੀ ਟਕਸਾਲ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਜਦੋਂ-ਜਦੋਂ ਵੀ ਪੰਥ ਉੱਤੇ ਸੰਕਟ ਦਾ ਸਮਾਂ ਆਇਆ ਹੈ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ 'ਚ ਸਮੁੱਚੇ ਪੰਥ ਨੇ ਬੈਠ ਕੇ ਉਸ ਮੁਸ਼ਕਿਲ ਦਾ ਹੱਲ ਕੱਢਣ ਵਾਸਤੇ ਯੋਗ ਨਿਰਣੇ ਲਏ ਹਨ ਤੇ ਪੰਥ ਨੂੰ ਹਰ ਸੰਕਟ ਦੇ ਵਿੱਚੋਂ ਅੱਗੇ ਲੈ ਕੇ ਆਂਦਾ ਹੈ ਵਰਤਮਾਨ ਸਦਰੰਭ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਰਿਯਾਦਾ ਦੀ ਉਲੰਘਣਾ ਦੇ ਵਿਰੋਧ ਵਜੋਂ ਵਿਸ਼ੇਸ਼ ਪੰਥਕ ਇਕੱਠ 14 ਮਾਰਚ ਦਿਨ ਸ਼ੁਕਰਵਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਪੰਜ ਪਿਆਰਾ ਪਾਰਕ ਦੇ ਸਾਹਮਣੇਂ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਬ੍ਰਾਂਚ ਦਮਦਮੀ ਟਕਸਾਲ ਵਿਖੇ ਦੁਪਹਿਰ ਇਕ ਵਜੇ ਰਖਿਆ ਗਿਆ ਹੈ।


ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਦੀਆਂ ਖੁਦਗਰਜੀਆਂ ਤੇ ਉਨ੍ਹਾਂ ਦੇ ਹਉਮੈ -ਹੰਕਾਰ ਦੇ ਕਾਰਨ ਪੰਥਕ ਸਿਧਾਂਤਾਂ ਨੂੰ ਅਣਗੌਲਿਆ ਕਰਕੇ ਉਨ੍ਹਾਂ ਨੂੰ ਰੋਲਣ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਵਰਤਾਰੇ ਨੂੰ ਠੱਲ ਪਾਉਣ ਤੇ ਆਪਣੀ ਹਉਮੈ 'ਚ ਆ ਕੇ ਪੰਥਕ ਮਰਿਆਦਾ ਦਾ ਘਾਣ ਕਰਨ ਵਾਲੇ ਕੁਝ ਹੰਕਾਰੀ ਲੋਕਾਂ ਨੂੰ ਸਬਕ ਸਿਖਾਉਣ ਦੀ ਲੋੜ ਹੈ।


ਸੰਤ ਗਿਆਨੀ ਹਰਨਾਮ ਸਿੰਘ ਵਲੋਂ ਸਮੂਹ ਸੰਤਾਂ-ਮਹਾਂਪੁਰਖਾਂ ਸਮੁੱਚੀਆਂ ਸਿੱਖ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਤੇ ਹਰ ਇੱਕ ਪੰਥ ਦਰਦੀ ਨੂੰ ਇਸ ਪੰਥਕ ਇਕੱਤਰਤਾ ਵਿਚ ਪੁੱਜਣ ਦੀ ਪੁਰਜ਼ੋਰ ਅਪੀਲ ਕਰਦੇ ਹੋਏ ਕਿਹਾ ਅੱਜ ਸਾਨੂੰ ਆਪਣੇ ਆਪਸੀ ਮੱਤਭੇਦ ਭੁਲਾ ਕੇ ਸਿਧਾਂਤਾਂ 'ਤੇ ਪਹਿਰਾ ਦਿੰਦੇ ਹੋਏ ਤਖਤਾਂ ਦੀ ਮਾਣ ਮਰਿਆਦਾ ਨੂੰ ਬਚਾਉਣ ਦੀ ਲੋੜ ਹੈ ਤਾਂ ਜੋ ਤਖਤਾਂ ਦੀਆਂ ਪਦਵੀਆਂ ਦੇ ਸਤਿਕਾਰ ਨੂੰ ਹਮੇਸਾ ਲਈ ਬਰਕਰਾਰ ਰੱਖਿਆ ਜਾ ਸਕੇ ।


Posted By: Surjit Singh