ਮਾਂ ਬੋਲੀ ਦਾ ਮੁਕੱਦਮਾ
- ਲਹਿੰਦਾ ਪੰਜਾਬ
- 24 Feb,2025

ਮਾਂ ਬੋਲੀ ਬੋਲਣ ਵਾਲੇ ਲਹਿੰਦੇ ਪੰਜਾਬ ਵਿਚ ਤਕਰੀਬਨ 14 ਕਰੋੜ ਪੰਜਾਬੀ ਨੇਂ,ਪਰ ਲਹਿੰਦੇ ਪੰਜਾਬ ਵਿਚ ਕਿਸੇ ਸਕੂਲ, ਕਾਲਜ ਵਿਚ ਪੰਜਾਬੀ ਨਈਂ ਪੜ੍ਹਾਈ ਜਾਂਦੀ, ਏਥੇ ਤੀਕਰ ਕੇ ਸਕੂਲਾਂ ਵਿਚ ਪੰਜਾਬੀ ਬੋਲਣ ਤੇ ਜੁਰਮਾਨਾ ਤੇ ਸਜ਼ਾਵਾਂ ਵੀ ਮਿਲਦੀਆਂ ਨੇਂ, ਪੰਜਾਬੀ ਮਾਵਾਂ ਆਪਣੇ ਪੰਜਾਬੀ ਬੱਚਿਆਂ ਨੂੰ ਪੰਜਾਬੀ ਬੋਲਣ ਤੇ ਬਦ-ਤਮੀਜ਼ ਕਹਿੰਦਿਆਂ ਨੇਂ, ਤੇ ਪੰਜਾਬੀ ਨੂੰ ਗੰਵਾਰ ਤੇ ਗਾਹਲਾਂ ਦੀ ਬੋਲੀ ਕਹਿੰਦਿਆਂ ਨੇਂ,
ਤੇ ਵਿਚਾਰੇ ਪੰਜਾਬੀ ਹਰ ਸਾਲ ਕੋਈ 3، 4 ਘੰਟੇ ਪ੍ਰੈੱਸ ਕਲੱਬ ਦੇ ਸਾਮ੍ਹਣੇ ਖੜੇ ਹੋ ਕੇ ਉਹੀ ਪੁਰਾਣੀਆਂ ਗੱਲਾਂ ਬਾਤਾਂ ਕਰਕੇ, ਸ਼ਾਇਰੀ ਸੁਣਾ ਕੇ, ਢੋਲ ਤੇ ਭੰਗੜੇ ਪਾਕੇ, ਤੇ ਨਾਅਰੇ ਲਾਕੇ "ਅਸੀਂ ਲੈ ਕੇ ਰਹਿਣੀ ਪੰਜਾਬੀ "ਅਤੇ ਸਾਡਾ ਹੱਕ ਏਥੇ ਰੱਖ ਮਾਈਕ ਤੇ ਬੋਲ ਕੇ ਘਰੋ ਘਰੀਂ ਹੋ ਜਾਂਦੇ ਨੇਂ,
ਕੀ ਤੁਸੀਂ ਸਮਝਦੇ ਓ ਕੇ ਏਦਾਂ ਪੰਜਾਬੀ ਸਕੂਲਾਂ ਵਿਚ ਲਾਗੂ ਹੋ ਜਾਏ ਗੀ, ਕੀ ਏਦਾਂ ਸਰਕਾਰਾਂ ਤੁਹਾਨੂੰ ਤੁਹਾਡਾ ਬਣ ਦਾ ਹੱਕ ਦੇ ਦੇਣ ਗਿਆਂ?
ਪੰਜਾਬੀਆਂ ਨੂੰ ਤੇ ਮਾਤਮ ਕਰਨਾ ਚਾਈ ਦਾ ਮਾਂ ਬੋਲੀ ਗਵਾਚਣ ਦਾ, ਸ਼ੋਰ ਕਰਨਾ ਚਾਈ ਦਾ ਪੰਜਾਬ ਅਸੰਬਲੀ ਦੇ ਅੱਗੇ ਖੜੇ ਹੋ ਕੇ, ਖ਼ੁਦ ਨੂੰ ਅੱਗ ਲਾ ਲੇਨੀ ਚਾਈ ਦੀ ਰੋਸ ਵਿਖਾਲੇ ਵਿਚ, ਪਰ ਨਈਂ, ਨਾ ਤੇ ਸਰਕਾਰ ਈ ਪੰਜਾਬੀ ਲਾਗੂ ਕਰਵਾਣ ਤੇ ਰਾਜ਼ੀ ਏ ਤੇ ਨਾ ਈ ਪੰਜਾਬੀ ਸੀਰੀਅਸ ਨੇਂ ਪੰਜਾਬੀ ਲੇਨ ਲਈ, ਵਰਨਾ ਏਦਾਂ ਢੋਲਾਂ ਤੇ ਭੰਗੜੇ ਪਾ ਕੇ ਪੰਜਾਬੀ ਲਾਗੂ ਨੀਇਂ ਸੀ ਕਰਵਾਂਦੇ, ਏਸ ਲਈ ਸਰਕਾਰਾਂ ਦੇ ਅੱਗੇ ਖੜੇ ਹੋਣਾ ਪੈਣਾ, ਐਮ ਪੀ ਏ, ਐਮ ਐਨ ਏ ਦੇ ਦਫ਼ਤਰਾਂ ਵਿਚ ਬਾਰ ਬਾਰ ਜਾਣਾ ਪੈਣਾ, ਪਰ ਇਥੇ ਹਰ ਕੋਈ ਇਕ ਦੂਜੇ ਦੀਆਂ ਲੱਤਾਂ ਖਿੱਚ ਰੀਆ ਏ, ਪੰਜਾਬੀ ਦਾ ਘਾਟਾ ਪੰਜਾਬੀ ਆਪ ਕਰ ਰੀਆ ਏ, ਪਤਾ ਨਈਂ ਪੰਜਾਬੀ ਕਦੋਂ ਸਮਝਣਗੇ ਕੇ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਕੁੱਝ ਨੀਇਂ ਦੇ ਕੇ ਜਾ ਰਹੇ
14 ਕਰੋੜ ਪੰਜਾਬੀ, ਪੀ ਐਮ, ਸੀ ਐਮ, ਆਰਮੀ ਚੀਫ਼ ਵੀ ਪੰਜਾਬੀ ਪਰ ਪੰਜਾਬ ਵਿਚ ਪੰਜਾਬੀ ਨਈਂ, 21ਫ਼ਰਵਰੀ ਨੂੰ ਪੰਜਾਬੀ ਏਦਾਂ ਵਧਾਈਆਂ ਦੇ ਰਹੇ ਹੁੰਦੇ ਨੇਂ ਜਿਵੇਂ ਕੱਲ੍ਹ ਅਸੀਂ ਅੰਗਰੇਜ਼ ਤੋਂ ਆਜ਼ਾਦ ਹੋਏ ਹਾਂ, ਯਾਂ 21ਨੂੰ ਪੰਜਾਬ ਵੇਚ ਪੰਜਾਬੀ ਲਾਗੂ ਹੋਈ ਏ, ਤੇ ਅਸੀਂ ਇਹ ਦਿਹਾੜਾ ਖ਼ੁਸ਼ੀ ਲਈ ਮਨਾ ਰਹੇ ਹਾਂ, ਘੱਟ ਤੋਂ ਘੱਟ ਸਾਨੂੰ ਬੰਗਲਾ ਦੇਸ਼ ਵਾਲਿਆਂ ਤੋਂ ਈ ਸਿਖ ਲੈਣਾ ਚਾਈ ਦਾ ਏ ਜਿੰਨਾਂ ਨੇਂ ਬੋਲੀ ਦੇ ਅਧਾਰ ਤੇ ਈ ਵੱਖਰਾ ਮੁਲਕ ਲੈ ਲਿਆ ਸੀ ਤੇ ਅਸੀਂ ਗੂੰਗੇ ਹੋ ਕੇ ਹਥੀਂ ਅਪਣਾ ਘਾਟਾ ਕਰਵਾ ਰਹੇ ਆਂ,
21ਫ਼ਰਵਰੀ ਨੂੰ ਅਸੀਂ ਮੇਲਾ ਨਾ ਮਨਾਈਏ, ਅਸੀਂ ਰੋਸ ਵਿਖਾਲਾ ਕਰੀਏ, ਰੌਣਾ ਪਿਟਣਾ ਕਰੀਏ, ਕਿ ਸਰਕਾਰ ਨੂੰ ਪਤਾ ਚੱਲੇ ਕੇ ਇਹ 200 ਪੰਜਾਬੀ ਨਈਂ 14ਕਰੋੜ ਪੰਜਾਬੀਆਂ ਦੀ ਮੰਗ ਏ, ਪਰ ਪੰਜਾਬੀ ਘਰੋਂ ਨਿਕਲਣਾ ਪਸੰਦ ਨਈਂ ਕਰਦੇ, ਉਹ ਤੇ ਨੱਚਣ ਟੱਪਣ ਲਈ ਹੀ ਘਰੋਂ ਆ ਸਕਦੇ, ਜੇ ਸਾਡਾ ਹੱਕ ਇਥੇ ਰੱਖ ਦੀ ਗੱਲ ਕਰਨੀ ਏ ਤੇ ਫ਼ੇਰ ਏਦਾਂ ਦੇ ਉਪਰਾਲੇ ਕਰੋ ਕੇ ਸਰਕਾਰ ਨੂੰ ਵੀ ਡਰ ਪੇ ਜਾਏ ਕੇ ਹੁਣ ਜੇ ਪੰਜਾਬੀਅਂ ਨੂੰ ਮਾਂ ਬੋਲੀ ਤੋਂ ਦੂਰ ਰੱਖਿਆ ਗਿਆ ਤੇ ਪੰਜਾਬੀ ਕੁੱਝ ਵੀ ਕਰ ਸਕਦੇ ਨੇਂ, ਪਰ ਸਾਨੂੰ ਤੇ 3 ਘੰਟੇ ਪ੍ਰੈੱਸ ਕਲੱਬ ਦੇ ਸਾਮ੍ਹਣੇ ਖੜੇ ਹੋਣ ਲਈ ਵੀ ਡਿਪਟੀ ਕਮਿਸ਼ਨਰ ਲਹੌਰ ਤੋਂ ਇਜ਼ਾਜ਼ਤ ਲੇਨੀ ਪੈਂਦੀ ਏ, ਕੇ ਸਰ ਜੀ ਅਗਰ ਇਜ਼ਾਜ਼ਤ ਹੋਏ ਤੇ ਅਸੀਂ ਪੰਜਾਬੀ ਲਾਗੂ ਕਰਵਾਣ ਲਈ ਪ੍ਰੈੱਸ ਕਲੱਬ ਦੇ ਸਾਮ੍ਹਣੇ ਖੜੇ ਹੋ ਕੇ ਢੋਲ ਦੀ ਥਾਪ ਤੇ ਭੰਗੜਾ ਪਾ ਕੇ ਇਹ ਨਾਅਰਾ ਲਾ ਸਕਦੇ ਹਾਂ, ਇਹ ਹੱਕ ਏ ਸਾਡਾ ਪੰਜਾਬੀ, ਅਸੀਂ ਲੈ ਕੇ ਰਹਿਣੀ ਪੰਜਾਬੀ, ਨਾਨਕ ਦੀ ਬੋਲੀ ਪੰਜਾਬੀ, ਫ਼ਰੀਦ ਦੀ ਬੋਲੀ ਪੰਜਾਬੀ, ਵਾਰਿਸ ਦੀ ਬੋਲੀ ਪੰਜਾਬੀ, ਬੁਲ੍ਹੇ ਦੀ ਬੋਲੀ ਪੰਜਾਬੀ, ਤੈਨੂੰ ਦੇਣੀ ਪੈਣੀ ਪੰਜਾਬੀ, ਇਹ ਮਿਠੜੀ ਬੋਲੀ ਪੰਜਾਬੀ, ਤੇ ਅਖ਼ੀਰ ਤੇ ਪ੍ਰੈੱਸ ਕਲੱਬ ਅੰਦਰ ਜਾ ਕੇ ਮਿਊਜ਼ਿਕ ਫ਼ੇਸਟਿਵਲ ਦਾ ਆਨੰਦ ਮਾਣਣ ਗੇ ਤੇ ਅਖ਼ੀਰ ਤੇ ਮੁਸ਼ਾਇਰਾ ਸੁਣ ਕੇ ਘਰ ਨੂੰ ਵਗ ਜਾਨ ਗੇ, ਏਦਾਂ ਈ ਹਰ ਸਾਲ ਹੋਰੀਆ ਤੇ ਲਗਦਾ ਹੋਰ ਬਹੁਤ ਸਾਲ ਏਦਾਂ ਈ ਹੁੰਦਾ ਰਹਿਣਾ,
ਜਾਗੋ ਪੰਜਾਬੀਓ ਜਾਗੋ, ਵਰਨਾ ਬਹੁਤ ਦੇਰ ਹੋ ਜਾਣੀ
ਬਾਬਰ ਜਾਲੰਧਰੀ ਲਹੌਰ ਤੋਂ
Posted By:

Leave a Reply