ਅਰਦਾਸ

ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ।।

“ਦੁਇ ਕਰ ਜੋੜਿ ਕਰਉ ਅਰਦਾਸਿ’’

ਅਰਦਾਸ ਕਹਿੰਦੇ ਹਨ ਬੇਨਤੀ ਤਥਾ ਪ੍ਰਾਰਥਨਾਂ ਨੂੰ। ਪ੍ਰਾਰਥਨਾਂ ਤਥਾ ਬੇਨਤੀ ਸਦਾ ਨੀਵੇਂ ਹੋ ਕੇ ਸੇਵਕ ਦੇ ਰੂਪ ਵਿਚ ਅਦਬ ਸਤਿਕਾਰ ਨਾਲ ਕਰਨੀ ਉਚਿਤ ਹੈ। ਅਰਥਾਤ ਸੁਣਨ ਸਮੇਂ ਤਥਾ ਕਰਨ ਸਮੇਂ ਸਰੋਤਾ ਅਥਵਾ ਅਰਦਾਸੀਆ ਆਪਣੇ ਇਸ਼ਟ ਦੇਵ ਦੇ ਹਜੂਰ ਇਕ ਸੇਵਕ ਦੀ ਤਰ੍ਹਾਂ ਦੋਵੇਂ ਪੈਰ ਜੋੜਕੇ ਦੋਹਾਂ ਲੱਤਾਂ ਉਤੇ ਬਰਾਬਰ ਭਾਰ ਪਾਕੇ ਸਿੱਧਾ ਖੜਾ ਹੋਵੇ। ਫੇਰ ਮਨ ਨੂੰ ਇਕਾਗਰ ਕਰਕੇ ਦੋਹਾਂ ਹੱਥਾਂ ਦੀਆਂ ਉਂਗਲੀਆਂ ਸਿੱਧੀਆਂ ਤੇ ਹਥੇਲੀਆਂ ਜੋੜਕੇ ਸਿਰ ਨੀਵਾਂ ਤੇ ਨਜ਼ਰ ਦੀਨ ਕਰਕੇ ਬੜੇ ਸਤਿਕਾਰ ਨਾਲ ਅਰਦਾਸ ਸੁਣੇ ਤਥਾ ਕਰੇ। ਪਰ ਜੇ ਇਹੀ ਅਰਦਾਸੀਏ ਮਨ ਵਿਚ ਦੁਵੈਸ਼ ਲੈ ਕੇ ਪੰਥ ਪ੍ਰਵਾਨਿਤ ਅਰਦਾਸ ਛਡ ਕੇ ਆਪੂੰ ਬਣੇ ਗਿਆਨੀਆਂ ਦੀ ਅਰਦਾਸ ਕਰਨ ਚਲ ਪੈਣ ਤਾਂ ਉਹ ਬੇਨਤੀ ਯਥਾ ਪ੍ਰਾਥਨਾ ਨਹੀਂ ਬਲਕਿ ਮਾਲਕਾਂ ਦਾ ਕੁੱਤਾ ਬਣ ਕੇ ਭੌਂਕਣਾ ਹੁੰਦਾ ਹੈ।

ਪ੍ਰੰਤੂ! ‘’ ਪ੍ਰਥਮੇ ਮਨੁ ਪ੍ਰਬੋਧੈ ਅਪਨਾ ਪਾਛੈ ਅਵਰ ਰੀਝਾਵੈ।।’’ ਦੇ ਮਹਾਂਵਾਕ ਅਨੁਸਾਰ ਕੋਈ ਸਿੱਖ ਮਤਿ ਕਿਸੇ ਦੂਜੇ ਨੂੰ ਦੇਣ ਤੋਂ ਪਹਿਲਾਂ ਆਪਣੇ ਮਨ ਨੂੰ ਹੀ ਸਿਖ ਮਤਿ ਦੇਣੀ ਠੀਕ ਹੁੰਦੀ ਹੈ। ‘’ ਮਨ ਸਮਝਾਨ ਕਾਰਨੇ ਕਛੂਅਕ ਪੜੀਐ ਗਿਆਨ।।’’ ਹੇ ਮੇਰੇ ਆਤਮ ਰਾਮਾ! ਤੂੰ ਅੱਠੇ ਪਹਿਰ ਉਸ ਅੱਗੇ ਅਰਦਾਸ ਬੇਨਤੀ ਕਰ, ਜਿਸ ਦੇ ਵਿਸ਼ਾਲ ਸਮੁੰਦਰ ਦੀ ਤੂੰ ਇੱਕ ਨੰਨ੍ਹੀ ਜੇਹੀ ਬੂੰਦ ਏਂ, ਜਿਸ ਦੀ ਪੰਜਾਹ ਕੋਟ ਪ੍ਰਿਥਵੀ ਮੰਡਲ ਦੀ ਧੂੜ ਦਾ ਤੂੰ ਇੱਕ ਜਿਹਾ ਕਿਣਕਾ ਏਂ। ਜਿਸ ਦੀ ਸਮੂਹ ਬਨਾਸਪਤੀ ਦੇ ਜ਼ੱਰੇ ਜ਼ੱਰੇ ਵਿਚ ਮਹਾਨ ਪ੍ਰਚੰਡ ਅਗਨੀ ਦਾ ਤੂਂ ਇਕ ਅਤੀ ਸੂਖਮ ਚਿੰਗਿਆੜਾ ਏਂ, ਜਿਸ ਦੇ ਸਮੂਹ ਮਹਾਨ ਅਕਾਸ਼ ਮੰਡਲਾਂ ਦਾ ਤੂੰ ਇਕ ਸੂਖਮ ਭਾਗ ਏਂ, ਤੂੰ ਉਸ ਨੂੰ ਕਦੀ ਵੀ ਮਨੋਂ ਨ ਵਿਸਾਰ!

‘’ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੇ, ਨਿਆਰੇ ਨਿਆਰੇ ਹੁਇ ਕੈ ਫੇਰੀ ਆਗੀ ਮੈਂ ਮਿਲਾਹਿੰਗੇ।

ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੂਕਾ ਫੇਰ ਧੂਰ ਹੀ ਸਮਾਹਿੰਗੇ।

ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈਂ, ਪਾਨ ਕੇ ਤਰੰਗ ਸਬੈ ਪਾਨ ਹੀ ਕਹਾਹਿੰਗੇ।

ਤੈਸੇ ਏਕ ਬਿਸ ਤੇ ਅਭੂਤ ਭੂਤ ਪ੍ਰਗਟ ਹੋਏ, ਤਾਹੀਂ ਤੇ ਉਪਜ ਸਭੈ ਤਾਂਹੀ ਮੈਂ ਸਮਾਹਿੰਗੇ‘।।੧੭।। ੮੭।। ਅਕਾਲ ਉਸਤਤ

ਇਸ ਤਰ੍ਹਾਂ ਜਦ ਤੇਰੇ ਪੰਜੇ ਤੱਤ ਜਿਨ੍ਹਾਂ ਵਿਸ਼ਾਲ ਤੱਤਾਂ ਵਿਚੋਂ ਉਪਜੇ ਸਨ ਉਨ੍ਹਾਂ ਵਿਚ ਹੀ ਕਿਣ ਛਿਨ ਹੋਕੇ ਸਮਾ ਜਾਣਗੇ ਤਾਂ ਦੱਸ ਫੇਰ ਤੇਰਾ ਕੌਣ ਮਾਂ, ਬਾਪ, ਇਸਤ੍ਰੀ, ਪੁਤਰ ਤੇ ਕੇਹੜੀ ਸਗਲ ਸਮੱਗਰੀ ਹੋਵੇਗੀ? ਆ ਆਖੇ ਲੱਗ ਤੇ ਜੁੜ ਉਸ ਮਹਾਨ ਤੱਤਾਂ ਦੇ ਸੁਆਮੀ ਨਾਲ, ਜਿਸ ਦੀਆਂ ਬਖਸ਼ਿਸ਼ਾਂ ਨਾਲ ਤੇਰਾ ਇਹ ਸਭ ਕੁਛ ਹੈ। ‘’ ਜਿਸ ਕੀ ਵਸਤੂ ਤਿਸ ਆਗੇ ਰਾਖੈ’’ ਮਹਾਂ ਮੰਤ੍ਰ ਦਾ ਉਪਦੇਸ਼ ਹੈ।

ਉਸ ਨੂੰ ਤੂੰ ਮੇਰੇ ਰਾਮਾਂ ! ਕਿਉਂ ਭੁਲਾ ਛੱਡਿਆ ਏ, ਉਸ ਅਗੇ ਅਰਦਾਸ ਕਰ, ਉਸ ਦੀ ਨਿਉਂ ਨਿਉਂ ਪੈਂਰੀ ਲੱਗ , ਉਸ ਦੀ ਚਰਨ ਧੂੜੀ ਆਪਣੇ ਮਸਤਕ ਤੇ ਲਾਅ ਅਤੇ ਉਸ ਅਗੇ, ‘ ਭਾਗਾਂ ਰਤੀ ਚਾਰ’ ਦੀ ਅਰਦਾਸ ਕਰ।

‘’ਅੰਤਰਗਤਿ ਤੀਰਥਿ ਮਲਿ ਨਾਉ’’ਵਾਲੀ ਦਸ਼ਾ ਕਰ ਲੈ, ਹੋ ਜਾਹ ਵਿਸਮਾਦ ਵਿਚ ਵਿਸਮਾਦ ਰੂਪ! ਉਹ ਪ੍ਰਮਾਤਮ ਦੇਵ ਚੀਕਾਂ ਨਹੀਂ ਸੁਣਦਾ, ਉਚੀਆਂ ਬਾਂਗਾਂ ਨਹੀਂ ਸੁਣਦਾ, ਮਹਾਵਾਕ ਹੈ, ‘’ ਮੁਲਾ ਮੁਨਾਰੇ ਕਿਆ ਚੜੈ ਸਾਂਈ ਨ ਬਹਿਰਾ ਹੋਇ‘’ ਹਾਲ ਪਾਹਰਿਆ ਤੇ ਕਾਵਾਂ ਰੌਲੀ ਨਹੀਂ ਸੁਣਦਾ, ਉਹ ਸੁਣਦਾ ਏ ਤਾਂ ਕੇਵਲ ਇਕ ਸ਼ਾਂਤੀ ਪੂਰਵਕ ਚੁਪ ਚਾਪ ਅਤੀ ਸੂਖਮ ਤੇ ਪਿਆਰ ਨਿਮ੍ਰਤਾ ਵਿਚ ਭਿਜੇ ਹਿਰਦੇ ਦੀ ਆਵਾਜ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਇਕ ਸਿਖ ਭਾਈ ਤਿਲੋਕਾ ਜੀ ਹੋਏ ਹਨ। ਆਪ ਕੰਧਾਰ ਦੇ ਹਾਕਮ ਦੇ ਹਿਫਾਜਤੀ ਦਸਤੇ ਵਿਚ ਨੌਕਰ ਸਨ। ਇਕ ਦਿਨ ਸ਼ਿਕਾਰ ਸਮੇਂ ਆਪ ਨੇ ਇਕ ਹਰਨੀ ਨੂੰ ਤਲਵਾਰ ਨਾਲ ਮਾਰਿਆ ਤਾਂ ਉਸ ਦੇ ਪੇਟ ਵਿਚੋਂ ਦੋ ਬੱਚੇ ਨਿਕਲੇ। ਬਦੋਸ਼ੇ ਬੱਚਿਆਂ ਦੀ ਹੱਤਿਆ ਵੇਖ ਕੇ ਆਪ ਦਾ ਮਨ ਪਿਘਲ ਗਿਆ, ਅਤੇ ਤਲਵਾਰ ਦਾ ਪਾਸ ਰੱਖਣਾਂ ਹੀ ਇਸ ਹੱਤਿਆ ਦਾ ਕਾਰਨ ਸਮਝ ਕੇ ਅੱਗੇ ਤੋਂ ਆਪਣੇ ਪਾਸ ਤਲਵਾਰ ਨਾ ਰੱਖਣ ਦਾ ਪ੍ਰਣ ਕਰ ਲਿਆ, ਪਰ ਉਸ ਜ਼ਮਾਨੇ ਵਿਚ ਹਿਫਾਜ਼ਤੀ ਦਸਤੇ ਬਿਨਾਂ ਭਾਈ ਜੀ ਦੀ ਨੌਕਰੀ ਨਹੀਂ ਸੀ ਕਹਿ ਸਕਦੀ, ਸੋ ਇਸ ਗੱਲ ਨੂੰ ਪੂਰਾ ਕਰਣ ਵਾਸਤੇ ਆਪ ਨੇ ਮਿਆਨ ਵਿਚ ਲੱਕੜ ਦੀ ਤਲਵਾਰ ਬਣਵਾ ਕੇ ਪਾ ਛੱਡੀ। ਕੁਝ ਸਮੇਂ ਬਾਅਦ ਕਿਸੇ ਨੇ ਹਾਕਮ ਪਾਸ ਸ਼ਿਕਾਇਤ ਕਰ ਦਿੱਤੀ ਕਿ ਆਪ ਦੇ ਰਖਵਾਲੇ ਭਾਈ ਤ੍ਰਿਲੋਕੇ ਨੇ ਕਾਠ ਦੀ ਤਲਵਾਰ ਰੱਖੀ ਹੋਈ ਹੈ, ਜੇ ਕੋਈ ਦੁਸ਼ਮਨ ਆਪ ਤੇ ਵਾਰ ਕਰ ਦੇਵੇ ਤਾਂ ਭਾਈ ਤਿਲੋਕਾ ਆਪ ਦੀ ਹਿਫਾਜਤ ਨਹੀਂ ਕਰ ਸਕੇਗਾ, ਇਹ ਆਪ ਨੂੰ ਧੋਖਾ ਦੇ ਰਿਹਾ ਹੈ। ਇਹ ਸ਼ਿਕਾਇਤ ਸੁਣ ਕੇ ਪਾਤਸ਼ਾਹ ਨੇ ਆਪਣੇ ਸਾਰੇ ਹਿਫਾਜ਼ਤੀ ਦਸਤੇ ਨੂੰ ਆਪੋ ਆਪਣੀਆਂ ਤਲਵਾਰਾਂ ਵਿਖਾਉਣ ਵਾਸਤੇ ਕਿਹਾ। ਉਸ ਸਮੇਂ ਭਾਈ ਤਿਲੋਕਾ ਨੇ ਹੋਰ ਕੋਈ ਪੇਸ਼ ਨਾ ਜਾਂਦੀ ਵੇਖਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ। ਅਮ੍ਰਿਤਸਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੀਰੀ ਮੀਰੀ ਦੇ ਮਾਲਕ ਦਾ ਦੀਵਾਨ ਸਜ ਰਿਹਾ ਸੀ। ਇਕ ਮਨ ਹੋ ਕੇ ਸਿੱਖ ਦੀ ਕੀਤੀ ਹੋਈ ਅਰਦਾਸ ਆਪ ਜੀ ਪਾਸ ਪੁੱਜੀ ਤਾਂ ਆਪ ਜੀ ਨੇ ਝੱਟ ਹੀ ਆਪਣੇ ਮਿਆਨ ਵਿਚੋਂ ਪੀਰੀ ਦੀ ਫੌਲਾਦੀ ਤਲਵਾਰ ਕੱਢ, ਲੰਮੀ ਬਾਂਹ ਕਰਕੇ ਉੱਚੀ ਤਾਣ ਦਿੱਤੀ। ਦੀਵਾਨ ਵਿਚ ਹਾਜਰ ਸੰਗਤ ਇਸ ਅਚਾਨਕ ਕੌਤਕ ਨੂੰ ਵੇਖ ਕੇ ਹੈਰਾਨ ਹੋ ਰਹੀ। ਆਪ ਜੀ ਨੇ ਏਸੇ ਤਰਾਂ ਕੁਝ ਸਮਾਂ ਤਲਵਾਰ ਨੂੰ ਹਵਾ ਵਿਚ ਸੱਜੇ ਹੱਥ ਨਾਲ ਖੜਾ ਕਰ ਛੱਡਿਆ। ਉਧਰ ਬਾਦਸ਼ਾਹ ਦੀ ਕਚਹਿਰੀ ਵਿਚ ਜਦ ਅਰਦਾਸ ਵਿਚ ਜੁੜੇ ਹੋਏ ਮਨ ਨਾਲ ਭਾਈ ਤਿਲੋਕੇ ਨੇ ਆਪਣੀ ਵਾਰੀ ਆਉਣ ਪੁਰ ਵਾਹਿਗੁਰੂ ਆਖ ਕੇ ਲੱਕੜ ਦੀ ਤਲਵਾਰ ਮਿਆਨ ਵਿਚੋਂ ਬਾਹਰ ਧੂਹੀ ਤਾਂ ਤਾਂ ਉਸ ਦੀ ਲਿਸ਼ਕ ਨੂੰ ਕੋਈ ਅੱਖ ਨਾ ਸਹਾਰ ਸਕੀ। ਬਾਦਸ਼ਾਹ ਤੇ ਉਸਦੇ ਸਭਾਪਤੀ ਭਾਈ ਜੀ ਦੀ ਇਸ ਅਲੌਕਿਕ ਤਲਵਾਰ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ ਅਤੇ ਬਾਦਸ਼ਾਹ ਨੇ ਭਾਈ ਜੀ ਨੂੰ ਇਤਨੀ ਵਧੀਆ ਚੰਗੀ ਤਲਵਾਰ ਰੱਖਣ ਬਦਲੇ ਬਹੁਤ ਸਾਰਾ ਇਨਾਮ ਵੀ ਦਿੱਤਾ ‘ ਜੋ ਜੋ ਕਹੇ ਠਾਕੁਰ ਪਹਿ ਸੇਵਕ ਸੋ ਤਤਕਾਲ ਹੋਇ ਆਵੇ।’ ਹੁਣ ਅੱਪਗ੍ਰੇ਼ਡ ਸਿੱਖ ਇਹ ਪੂਰਾ ਵਾਰਤਕ ਪੜ ਕੇ ਕਹਿਣਗੇ ਕੇ ਜੇ ਅਰਦਾਸ ਵਿਚ ਸ਼ਬਦਾਂ ਦੀ ਲੋੜ ਨਹੀਂ ਤਾਂ ਫਿਰ ਦਰਸ਼ੂ ਲਾਣੇ ਦੇ ਅਰਦਾਸ ਦੇ ਸ਼ਬਦ ਬਦਲਣ ਤੇ ਵਿਵਾਦ ਕਿਉਂ?

ਸਿੱਖਾਂ ਵਿਚਲੀ ਪ੍ਰਚਲਤ ਅਰਦਾਸ ਜਿਸਦੇ ਇਕ ਇਕ ਸ਼ਬਦ ਸਿੱਖਾਂ ਦੀ ਰਸਨਾ ਤੇ ਮੋਤੀਆਂ ਵਾਂਗ ਜੜੇ ਹੋਏ ਨੇ। ਹੁਣ ਜਦੋਂ ਸਿੱਖ ਸਮੂਹ ਵਿੱਚ ਅਰਦਾਸ ਵਿਚ ਇਕੱਤਰ ਹੁੰਦੇ ਹੈਨ ਤਾਂ ਸੁੱਤੇ ਸਿੱਧ ਪੰਥ ਪ੍ਰਵਾਨ ਅਰਦਾਸ ਉਹਨਾਂ ਦੀ ਰਸਨਾ ਤੇ ਚਲਣੀ ਸ਼ੁਰੂ ਹੋ ਜਾਂਦੀ ਹੈ। ਜਿਸ ਸਦਕਾ ਸਮੂਹ ਆਪਸ ਵਿਚ ਇਕ ਕੱਚੇ ਧਾਗੇ ਵਿਚ ਪਿਰੋਇਆ ਜਾਂਦਾ ਹੈ। ਤੇ ਉਸ ਕੱਚੇ ਧਾਗੇ ਦਾ ਅਰਦਾਸ ਦੀ ਤਾਕਤ ਨਾਲ ਅਜਿਹਾ ਮਜ਼ਬੂਤ ਜੋੜ ਬਣ ਜਾਂਦਾ ਹੈ। ਜਿਸ ਵਿਚ ਬੱਝ ਕੇ ਮਨਮੁਖ ਵੀ ਪਾਰ ਉਤਰ ਜਾਂਦਾ ਹੈ। ਜਦੋਂ ਸਮੂਹ ਅਰਦਾਸ ਵੇਲੇ ਦੁਚਿੱਤੀ ਵਿਚ ਹੋਵੇ ਸ਼ਬਦਾਂ ਦੀ ਉਲਝਣ ਵਿਚ ਉਲਝ ਗਿਆ ਤੇ ਅਰਦਾਸ ਦੇ ਪੂਰੇ ਵੇਲੇ ਮੂਕ ਦਰਸ਼ਕ ਬਣ ਕੇ ਖੜਾ ਰਿਹਾ ਤਾਂ ਉਹ ਅਰਦਾਸ ਉਸ ਪਾਲਣਹਾਰ ਤੱਕ ਕਿਵੇਂ ਪਹੁੰਚੇਗੀ?

ਪੰਥ ਖ਼ਾਲਸੇ ਨੇ ਇਸੇ ਕਰਕੇ ਗੁਰਮੱਤਾ ਕਰਕੇ ਅਰਦਾਸ ਦੇ ਸ਼ਬਦਾਂ ਦੀ ਚੋਣ ਕਰਕੇ ਘਰ ਘਰ ਪੁਹੰਚਾਈ ਤਾਂ ਜੋ ਸਮੂਹ ਵਿਚ ਅਰਦਾਸ ਕਰਨ ਵੇਲੇ ਹਰੇਕ ਨੂੰ ਸ਼ਬਦਾਂ ਦੀ ਉਲਝਣ ਵਿਚ ਨਾ ਉਲਝਣਾ ਪਵੇ।

ਪਹਿਲੇ ਪਹਿਲ ਜਦੋ ਅੰਗਰੇਜਾਂ ਨੇ ਰਾਜਸਥਾਨ ਦੇ ਕਿਲੇ ਤੇ ਕਬਜ਼ਾ ਕੀਤਾ ਤਾਂ ਉਹਨਾਂ ਨੇ ਵੇਖਿਆ ਕਿ ਕਿਲ੍ਹੇ ਦੀ ਪੱਥਰਾਂ ਦੀ ਦੀਵਾਰ ਦੇ ਇਕ ਵੱਡੇ ਪੱਥਰ ਵਿਚ ਇਕ ਤਲਵਾਰ ਇਉਂ ਖੁਭੀ ਹੋਈ ਹੈ ਜਿਵੇਂ ਕਿਸੇ ਖਰਬੂਜੇ ਆਦਿਕ ਨਰਮ ਚੀਜ਼ ਵਿਚ ਚਾਕੂ ਖੁਭਿਆ ਹੁੰਦਾ ਹੈ। ਅੰਗਰੇਜ ਕਮਾਂਡਰ ਨੇ ਇਸ ਨੂੰ ਬਹੁਤ ਗਹੁ ਨਾਲ ਵੇਖਿਆ ਅਤੇ ਪੱਥਰ ਵਿਚੋਂ ਪੁਟਾਉਣ ਦੀ ਕੋਸ਼ਸ਼ ਕੀਤੀ, ਪਰ ਤਲਵਾਰ ਪੱਥਰ ਵਿਚੋਂ ਧੂਹੀ ਨਾ ਗਈ। ਉਸਨੇ ਉਥੋਂ ਦੇ ਵਸਨੀਕ ਰਾਜਪੂਤਾਂ ਪਾਸੋਂ ਇਸ ਬਾਬਤ ਪੁਛਿਆ, ਰਾਜਪੂਤਾਂ ਨੇ ਤਸਿਆ ਕਿ ਇਹ ਸਾਡੇ ਵਡੇ ਨੇ ਆਪਣੇ ਵੱਡਿਆਂ ਦੀ ਕੀਰਤੀ ਕਰਨ ਵਾਲੇ ਸਮਾਗਮ ਦੇ ਮੇਲੇ ਵਿਚ ਉਨਾਂ ਦੀ ਸੂਰਮਗਤੀ ਦੇ ਕਾਰਨਾਮੇ ਸੁਣ, ਜੋਸ਼ ਵਿਚ ਆਣਕੇ ਮਾਰੀ ਸੀ। ਇਹ ਸੁਣਕੇ ਅੰਗਰੇਜ ਕਰਨੈਲ ਨੇ ਪੁਛਿਆ ਕਿ ਇਸ ਤਲਵਾਰ ਨੂੰ ਹੁਣ ਤੁਹਾਡੇ ਵਿਚੋਂ ਕੋਈ ਪੱਧਰ ਵਿਚੋਂ ਪੁਟ ਵੀ ਸਕਦਾ ਹੈ ਕਿ ਨਹੀਂ? ਅੰਗਰੇਜ ਦੀ ਇਹ ਗੱਲ ਬਾਰ ਬਾਰ ਪੁਛਣ ਕਰਕੇ ਹੋਰ ਤਾਂ ਸਾਰੇ ਲੋਕ ਚੁਪ ਚਾਪ ਖੜੇ ਰਹੇ, ਪਰ ਇਕ ਨੌਜਵਾਨ ਆਪਣੇ ਡੌਲਿਆਂ ਉਤੇ ਥਾਪੀਆਂ ਮਾਰਦਾ ਅਗੇ ਵਧਿਆ ਤੇ ਕਹਿਣ ਲਗਾ, ਹਾਂ ਸਾਹਿਬ! ਮੈਂ ਇਸ ਤਲਵਾਰ ਨੂੰ ਪੱਥਰ ਵਿਚੋਂ ਪੁਟ ਸਕਦਾ ਹਾ, ਜੇਕਰ ਉਹੋ ਸਮਾਂ ਬੱਧਾ ਜਾਵੇ, ਜਿਹੜਾ ਇਸ ਤਲਵਾਰ ਦੇ ਪੱਥਰ ਵਿਚ ਮਾਰਨ ਸਮੇਂ ਬੱਧਾ ਹੋਇਆ ਸੀ। ਸੂਰਮੇ ਆਪਣੀਆਂ ਜੁੱਧ ਸਮੇਂ ਦੀਆਂ ਵਰਦੀਆਂ ਪਹਿਲਕੇ ਸ਼ਸਤ੍ਰਾਂ ਨਾਲ ਸੱਜ ਕੇ ਆਉਣ ਅਤੇ ਭੱਟ ਸਾਡੇ ਵਡਿਆਂ ਦੇ ਜੱਸ ਕਲਿਆਣ ਕਰਨ, ਫੇਰ ਮੈਂ ਇਸ ਤਲਵਾਰ ਨੂੰ ਪੁੱਟ ਸਕਦਾ ਹਾਂ। ਅੰਗਰੇਜ ਨੇ ਇਕ ਦਿਨ ਨੀਯਤ ਕਰ ਲਿਆ ਤੇ ਦੱਸੇ ਅਨੁਸਾਰ ਸਾਰਾ ਤਾਮ ਝਾਕ ਹੋਇਆ ਅਜਿਹਾ ਸਮਾਂ ਬੱਧਾ ਜਿਵੇਂ ਕਿਸੇ ਜੰਗ ਦਾ ਮੈਦਾਨ ਦਾ ਹੋਵੇ। ਦੂਜੇ ਪਾਸੇ ਭੱਟ ਵਾਰਾਂ ਗਾ ਕੇ ਅਜਿਹਾ ਮਾਹੌਲ ਬਣਾ ਦਿੱਤਾ ਮਾਨੌ ਅਸਲ ਜੰਗ ਚਲ ਰਿਹਾ ਹੋਵੇ। ਅਜੇ ਕੁਝ ਸਮਾਂ ਇਹ ਮਾਹੌਲ ਬਣਿਆ ਸੀ। ਨੌਜਵਾਨ ਨੇ ਜੋਸ਼ ਵਿਚ ਆਕੇ ਆਪਣੇ ਇਸ਼ਟ ਸਾਹਵੇਂ ਸਿਰ ਝੁਕਾ ਕੇ ਅਰਦਾਸ ਕਰਕੇ ਤਲਵਾਰ ਦੇ ਦਸਤੇ ਨੂੰ ਫੜਕੇ ਅਜਿਹਾ ਝਟਕਾ ਮਾਰਿਆ ਕਿ ਤਲਵਾਰ ਪੱਥਰ ਵਿਚੋਂ ਇਉਂ ਨਿਕਲ ਆਈ ਜਿਵੇਂ ਕਿਸੇ ਸਾਧਾਰਨ ਮਿੱਟੀ ਦੇ ਗਿੱਲੇ ਢੋਲੇ ਵਿਚ ਰਖੀ ਹੋਈ ਸੀ।

ਇਸੇ ਤਰਾਂ ਖਾਲਸਾ ਪੰਥ ਜੋ ਕਿ ਸੂਰਬੀਰਾਂ ਦਾ ਪੰਥ ਹੈ ਇਸ ਦੀ ਅਰਦਾਸ ਦੀ ਸ਼ੁਰੂਆਤ ਹੀ ਭਗੌਤੀ ਨੂੰ (ਅਕਾਲ ਪੁਰਖ , ਕਿਰਪਾਨ) ਨੂੰ ਧਿਆ ਕੇ ਹੁੰਦੀ ਹੈ। ਤੇ ਅੱਗੇ ਗੁਰੂ ਸਾਹਿਬਾਨਾਂ ਦੇ ਬਾਅਦ ਪੰਜ ਪਿਆਰੇ, ਚਾਰ ਸਾਹਿਬਜਾਂਦੇ, ਹਠੀ, ਜਪੀ ਤਪੀ, ਆਰਿਆਂ ਨਾਲ ਆਪਾ ਚਿਰਾਉਣ ਵਾਲੇ, ਬੰਦ ਬੰਦ ਕਟਵਾਉਣ ਵਾਲਿਆਂ ਸਮੇਤ ਗਲਾਂ ਵਿਚ ਬੱਚਿਆਂ ਦੇ ਟੋਟਿਆਂ ਦੇ ਹਾਰ ਪਵਾਉਣ ਵਾਲੀਆਂ ਬੀਬੀਆਂ ਨੂੰ ਧਿਆਉਣਆ ਕਰਕੇ, ਆਪਣੇ ਗੁਰਧਾਮਾਂ ਦੇ ਦਰਸ਼ਨ ਇਸਨਾਨ ਲੋਚਦਿਆਂ, ਸਿਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ ਦਾਨ ਮੰਗਦਿਆਂ ਹੇ ਨਿਮਾਣਿਆ ਦੇ ਮਾਣ ਤੇ ਨਿਤਾਣਿਆਂ ਦੇ ਤਾਣ ਵਾਹਿਗੁਰੂ ਦੇ ਚਰਨਾਂ ਵਿਚ ਜੋੜਦੀ ਕਰਕੇ ਸਮਾਪਤੀ ਹੁੰਦੀ ਹੈ। ਇਹੀ ਸੰਪੂਰਨ ਅਰਦਾਸ ਸੀ। ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਕਰਕੇ ਇਕ ਬ੍ਰਾਹਮਣ ਦੀ ਇਸਤਰੀ ਨੂੰ ਕਸੂਰ ਦੇ ਪਠਾਣਾਂ ਕੋਲੋ ਖਾਲਸਾ ਜੀ ਨੇ ਵਾਪਿਸ ਲਿਆਂਦਾ ਸੀ। ਇਹੋ ਅਰਦਾਸ ਸੀ ਜਿਸ ਨੂੰ ਕਰਕੇ ਭਾਈ ਮਹਿਤਾਬ ਸਿੰਘ ਜੀ ਤੇ ਭਾਈ ਸੁਖਾ ਸਿੰਘ ਜੀ ਨੇ ਦਮਦਮੇ ਸਾਹਿਬ ਤੋਂ ਆ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ। ਇਹੋ ਅਰਦਾਸ ਸੀ, ਜਿਸ ਨੂੰ ਸੋਧ ਕੇ ਅਕਾਲੀ ਫੂਲਾ ਸਿੰਘ ਜੀ ਨੇ ਸਰਹੱਦੀ ਪਠਾਣਾਂ ਉੱਤੇ ਹਮਲਾ ਕਰਕੇ ਫਤਹ ਪਰਾਪਤ ਕੀਤੀ ਸੀ। ਇਹੋ ਅਰਦਾਸ ਸੀ, ਜਿਸ ਨੂੰ ਸੋਧ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਕਾਲੀ ਫੂਲਾ ਸਿੰਘ ਜੀ ਦੀ ਮਦਦ ਵਾਸਤੇ ਆਪਣੀਆਂ ਫੌਂਜਾਂ ਬਿਨਾਂ ਬੇੜੀ ਅਤੇ ਪੁਲ ਦੇ ਅਟਕ ਦਰਿਆ ਦੇ ਤੇਜ ਵਹਿਣ ਵਿਚੋਂ ਪੈਦਲ ਪਾਰ ਲੰਘਾਈਆਂ ਸਨ। ਇਹੋ ਅਰਦਾਸ ਸੀ,ਜਿਸ ਨੂੰ ਸੋਧ ਕੇ ਸਿੰਘਾਂ ਨੇ ਇਕ ਬ੍ਰਾਹਮਣ ਦੀ ਲੜਕੀ ਲੁਹਾਰੀ ਜਲਾਲਾਬਾਦ (ਦਿੱਲੀ ਦੇ ਨੇੜੇ ) ਦੇ ਹਾਕਮ ਪਾਸੋਂ ਛਡਾ ਕੇ ਉਸ ਨੂੰ ਪੰਥ ਦੀ ਬੇਟੀ ਆਖਿਆ ਅਤੇ ਬਹੁਤ ਸਾਰਾ ਧਨ ਦੇਕੇ ਉਸ ਨੂੰ ਮੁੜ ਉਸ ਦੇ ਪਤੀ ਦੇ ਘਰ ਵਸਾਇਆ ਸੀ। ਅਜਿਹੇ ਬੇਅੰਤ ਉਦਾਹਰਣ ਇਸੇ ਅਰਦਾਸ ਨੂੰ ਸੋਧ ਕੇ ਪੰਥ ਖ਼ਾਲਸੇ ਨੇ ਸਥਾਪਿਤ ਕੀਤੇ ਹਨ।

ਹੁਣ ਇਥੇ ਇਹ ਗੱਲ ਵੀ ਹੈ ਜੋ ਕਿ ਬਹੁਤ ਵਾਰ ਬਹੁਤ ਲੋਕ ਇਹ ਕਿਹੰਦੇ ਸੁਣੇ ਹਨ, ਜੋ ਉਨਾਂ ਦੀ ਅਰਦਾਸ ਪੁਰੀ ਨਹੀਂ ਹੋਈ, ਅਰਥਾਤ ਜਿਸ ਕਾਰਜ ਵਾਸਤੇ ਉਨ੍ਹਾਂ ਨੇ ਅਰਦਾਸ ਕੀਤੀ ਜਾਂ ਕਰਾਈ ਸੀ ਪਰ ਕਾਰਜ ਸਿਰੇ ਨਹੀਂ ਚੜ੍ਹਿਆ। ਅਰਦਾਸ ਦੀ ਸਿਧੀ ਵਾਸਤੇ ਦੋ ਗੱਲਾਂ ਦੀ ਲੋੜ ਹੈ ਪਹਿਲੀ ਸ਼ਰਧਾ ਤੇ ਦੂਜੀ ਅਭੇਦ ਨਿਸ਼ਚਾ। ‘’ਭਾਵਨਾ ਬਿਹੀਨ ਕੈਸੋ ਪਾਵੈ ਜਗਦੀਸ ਕੋ’’ ਅਰਥਾਤ ਸ਼ਰਧਾ ਹੀਨ ਅਪਣੇ ਫਲ ਸਰੂਪ ਨੂੰ ਨਹੀਂ ਪਾ ਸਕਦਾ।

‘’ਜਬ ਲਗੁ ਘਟ ਮਹਿ ਦੂਜੀ ਆਨ ਤਉ ਲਉ ਮਹਿਲ ਨ ਲਾਭੈ ਜਾਨ।।’’ ਅਰਥਾਤ ਜਦ ਤਕ ਮਨ ਵਿਚ ਕਿਸੇ ਹੋਰ ਦੂਸਰੇ ਦੀ ਆਸ ਹੈ ਤਦ ਤੱਕ ਫਲ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਿਸ ਤਰ੍ਹਾਂ ਪੰਥ ਦੋਖੀ ਅਰਾਗੀ ਦਰਸ਼ੂ ਟੋਲੇ ਨੇ ਪਹਿਲਾਂ ਹੀ ਪੰਥ ਵਿਚ ਦੁਚਿਤੀ ਪੈਦਾ ਕੀਤੀ ਹੋਈ ਹੈ ਹਰੇਕ ਵਿਸ਼ੇ ਨੂੰ ਲੈ ਕੇ। ਉਸੇ ਤਰਜ ਤੇ ਜੋ ਇਹਨਾਂ ਨੇ ਥੋੜੇ ਦਿਨ ਪਹਿਲਾਂ ਅਰਦਾਸ ਦੇ ਸ਼ਬਦਾਂ ਨੂੰ ਬਦਲ ਕੇ ਪੰਥ ਖ਼ਾਲਸੇ ਅੰਦਰ ਨਵੇਂ ਭੰਬਲਭੂਸੇ ਪੈਦਾ ਕਰ ਦਿੱਤੇ ਜਿਸ ਕਾਰਨ ਜਿਹੜਾ ਵਰਗ ਇਹਨਾਂ ਦਾ ਪਿੱਠ ਲੱਗੂ ਹੈ ਉਹਨਾਂ ਨੇ ਇਸ ਕੰਮ ਨੂੰ ਅੰਜਾਮ ਦੇਣ ਲਈ ਦਿੱਲੀ ਵਿਖੇ ਗੁਰੂਘਰ ਅੰਦਰ ਇਹ ਵਿਗੜਿਆ ਹੋਇਆ ਅਰਦਾਸ ਦਾ ਰੂਪ ਪੇਸ਼ ਕਰਕੇ ਕੀਤਾ। ਉਸ ਨਾਲ ਅੱਪਗ੍ਰੇ਼ਡ ਸਿੱਖ ਜੋ ਪਹਿਲਾਂ ਹੀ ਸਿੱਖੀ ਨੂੰ ਸਾਇੰਸ ਦੀਆਂ ਐਨਕਾਂ ਲਾ ਕੇ ਦੇਖਦੇ ਹਨ। ਉਹਨਾਂ ਅੰਦਰ ਹੁਣ ਅਰਦਾਸ ਕਰਨ ਵੇਲੇ ਇਹ ਵਲਵਲਾ ਸੁਭਾਵਿਕ ਚੱਲੇਗਾ ਜਿਸ ਸਦਕਾ ਰੂਹ ਦੀ ਅਰਦਾਸ ਸ਼ਬਦਾਂ ਦੀ ਅਰਦਾਸ ਵਿਚ ਉਲਝ ਕੇ ਜੋ ਕੁਝ ਉਹ ਆਪਣੇ ਸ਼ਬਦਾਂ ਰਾਂਹੀ ਆਪਣੇ ਮਾਲਕ ਤੱਕ ਪਹੁੰਚਾਉਂਦੇ ਹਨ। ਉਸਤੋਂ ਵਾਂਝੇ ਹੋ ਜਾਣਗੇ। ‘’ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸਿ’’ ਤੇਰੀ ਅਰਦਾਸ ਖਾਲੀ ਨਹੀਂ ਜਾਏਗੀ। ਜਦੋਂ ਤੱਕ ਜਨ ਬਣ ਕੇ ਅਰਦਾਸ ਹੋ ਰਹੀ ਹੈ। ਇਹ ਟੋਲਾ ਜੋ ਮਰਜੀ ਕਰ ਲਵੇ ਪੰਥ ਖ਼ਾਲਸੇ ਨੇ ਉਸ ਅਕਾਲ ਪੁਰਖ ਅੱਗੇ ਅਰਦਾਸ ਕਰਨੋਂ ਨਹੀਂ ਹਟਨਾ ਤੇ ਜੋ ਕਾਰਜ ਪੰਥ ਖ਼ਾਲਸੇ ਨੇ ਇਸ ਅਰਦਾਸ ਦੇ ਬਲਬੂਤੇ ਕੀਤੇ ਹਨ ਅਗੇ ਵੀ ਖਾਲਸਾ ਕਰਦਾ ਰਹੇਗਾ।

‘’ ਸਾਹਿਬ ਰੋਸ ਧਰਉ ਕਿ ਪਿਆਰੁ’’

‘’ ਸਰਬ ਕਲਾ ਸਮਰਥ ਪ੍ਰਭ, ਬ੍ਰਿਥਾ ਜਾਨਣ ਹਾਰ’’

ਸੁਰਜੀਤ ਸਿੰਘ ਜਰਮਨੀ


Posted By: Surjit Singh