ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਸਾਹਿਤਕ ਇਕੱਤਰਤਾ ਨਵੀਂ ਦਿੱਲੀ: ਪੰਜਾਬੀ ਸਾਹਿਤ ਸਭਾ (ਰਜਿ.) ਵੱਲੋ
- ਭਾਰਤ
- 10 Mar,2025
ਪੰਜਾਬੀ ਸਾਹਿਤ ਸਭਾ ਵਲੋਂ
ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਸਾਹਿਤਕ ਇਕੱਤਰਤਾ
ਨਵੀਂ ਦਿੱਲੀ: ਪੰਜਾਬੀ ਸਾਹਿਤ ਸਭਾ (ਰਜਿ.) ਵੱਲੋਂ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ‘ਮਹਿਲਾ ਦਿਵਸ ਨੂੰ ਸਮਰਪਿਤ ਸਾਹਿਤਕ ਇਕੱਤਰਤਾ ਪੰਜਾਬੀ ਭਵਨ ਵਿਖੇ ਕੀਤੀ ਗਈ। ਇਸ ਇਕੱਤਰਤਾ ਦੀ ਪ੍ਰਧਾਨਗੀ ਡਾ. ਵਨੀਤਾ ਨੇ ਕੀਤੀ। ਇਕੱਤਰਤਾ ਦੀ ਸ਼ੁਰੂਆਤ ਵਿਚ ਡਾ. ਰੇਣੁਕਾ ਸਿੰਘ (ਚੇਅਰਪਰਸਨ, ਪੰਜਾਬੀ ਸਾਹਿਤ ਸਭਾ) ਨੇ ਨਾਰੀਵਾਦੀ ਲਹਿਰ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਅਤੇ ਨਾਲ ਹੀ ਇਸ ਲਹਿਰ ਨਾਲ ਸਬੰਧਿਤ ਝੰਡੇ ਦੇ ਰੰਗਾਂ ਤੋਂ ਸਰੋਤਿਆ ਨੂੰ ਜਾਣੂ ਕਰਵਾਇਆ। ਡਾ. ਵਨੀਤਾ ਨੇ ਡਾ. ਰੇਣੁਕਾ ਸਿੰਘ ਦੀ ਗੱਲ ਨੂੰ ਅੱਗੇ ਤੋਰਦਿਆਂ ਝੰਡੇ ਦੇ ਤਿੰਨ ਰੰਗਾਂ ਪਰਪਲ (ਪਿਆਰ), ਹਰਾ (ਉਮੀਦ) ਅਤੇ ਸਫੈਦ (ਸ਼ਾਂਤੀ) ਦੀ ਮਹੱਤਤਾ ਦਾ ਜ਼ਿਕਰ ਕੀਤਾ। ਅਰਵਿੰਦਰ ਕੌਰ ਧਾਲੀਵਾਲ ਨੇ ਨਾਰੀਵਾਦੀ ਲਹਿਰ ਦੀ ਸੂਝ ਅਤੇ ਸਮਝ ਬਾਰੇ ਗੱਲ ਕੀਤੀ। ਉਨ੍ਹਾਂ ਨਸ਼ੇ, ਤਸਕਰਾਂ ਅਤੇ ਉਸ ਸਮੇਂ ਦੇ ਹਾਲਾਤਾਂ ਅਤੇ ਲੋਕਾਂ ਦੀ ਮਾਨਸਿਕ ਸਥਿਤੀ ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਦਲਵੀਰ ਕੌਰ ਨੇ ਔਰਤ ਦੇ ਸਰੀਰਕ, ਦਿਮਾਗੀ ਅਤੇ ਸਮਾਜਿਕ ਰੋਲ ਬਾਰੇ ਗੱਲਬਾਤ ਕੀਤੀ। ਉਨ੍ਹਾਂ ਔਰਤ ਦੇ ਆਪਣੇ ਕੀਤੇ ਫ਼ੈਸਲਿਆ ਪ੍ਰਤੀ ਔਰਤ ਕਿਤਨੀ ਸੁਚੇਤ ਹੈ, ਉਸ ਬਾਰੇ ਵੀ ਆਪਣੇ ਵਿਚਾਰ ਪੇਸ਼ ਕਰਦਿਆ ਆਪਣੇ ਅਨੁਭਵਾਂ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਇਸ ਮੌਕੇ ਤੇ ਇਕ ਨਜ਼ਮ ਸੁਣਾਉਂਦੇ ਹੋਏ ਆਪਣੀ ਗੱਲ ਸਮਾਪਤ ਕੀਤੀ। ਸਰਬਜੀਤ ਸੋਹਲ ਨੇ ਸਿਧਾਂਤਕ ਅਤੇ ਵਿਹਾਰਕ ਤੌਰ ਤੇ ਔਰਤ ਦੀ ਉੱਨਤੀ ਲਈ ਕੀ ਕੁਝ ਕੀਤਾ ਜਾ ਰਿਹਾ ਹੈ। ਇਸ ਬਾਰੇ ਉਨ੍ਹਾਂ ਨੇ ਇਕ ਨਜ਼ਮ ਸੁਣਾਈ। ਇਸ ਤੋਂ ਇਲਾਵਾ ਉਨ੍ਹਾਂ ਨੇ ਔਰਤ ਤੇ ਮਰਦ ਵਿਚਾਲੇ ਸਮਾਜ ਵਿਚ ਸੰਤੁਲਨ ਹੋਣ ਪ੍ਰਤੀ ਚਰਚਾ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਵਲੋਂ ਔਰਤ ਨੂੰ ਦਿੱਤੀ ਮਹੱਤਤਾ ਬਾਰੇ ਵੀ ਵਿਸਥਾਰ ਨਾਲ ਦੱਸਿਆ। ਡਾ. ਵਨੀਤਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਵੀ ਪ੍ਰੋਗਰਾਮਾਂ ਵਿਚ ਹਿੱਸਾ ਲੈ ਸਕਦੇ ਹਨ।ਅਖੀਰ ਵਿਚ ਡਾ. ਰੇਣੁਕਾ ਸਿੰਘ ਨੇ ਇਸ ਇਕੱਤਰਤਾ ਦੇ ਵਿਚ ਆਏ ਮਹਿਮਾਨਾ, ਸਰੋਤਿਆ ਅਤੇ ਹੋਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਸਮੁੱਚੇ ਤੌਰ ਤੇ ਇਹ ਸਾਹਿਤਕ ਇਕੱਤਰਤਾ ਹਰ ਪੱਖ ਤੋਂ ਸਫਲ ਰਹੀ।
ਕੈਪਸਨ: ਡਾ. ਰੇਣੁਕਾ ਸਿੰਘ, ਅਰਵਿੰਦਰ ਕੌਰ ਧਾਲੀਵਾਲ, ਡਾ. ਵਨੀਤਾ, ਸਰਬਜੀਤ ਕੌਰ ਸੋਹਲ, ਦਲਵੀਰ ਕੌਰ।
Posted By:

Leave a Reply