ਅਰਦਾਸ ਬਦਲਣ ਵਾਲੇ ਪੰਥ ਦੋਖੀਆਂ ਨੂੰ ਅਕਾਲ ਤਖ਼ਤ ਸਾਹਿਬ 'ਤੇ ਥੰਮਲਿਆਂ ਨਾਲ ਬੰਨ੍ਹ ਕੇ ਹਰ ਸਿੱਖ ਵੱਲੋਂ ਡਾਂਗ ਫੇਰਨੀ ਚਾਹੀਦੀ ਹੈ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
- ਪੰਜਾਬੀ
- 02 Mar,2025

ਅੰਮ੍ਰਿਤਸਰ, 2 ਮਾਰਚ ( ): ਦਿੱਲੀ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛੇਕੇ ਪ੍ਰੋਫੈਸਰ ਦਰਸ਼ਨ ਸਿੰਘ ਦੀ ਜੁੰਡਲੀ ਨੇ ਇੱਕ ਸਾਜ਼ਿਸ਼ ਤਹਿਤ ਸਿੱਖ ਧਰਮ ਦੀ ਅਰਦਾਸ ਬਦਲ ਕੇ ਖ਼ਾਲਸਾ ਪੰਥ ਉੱਤੇ ਇੱਕ ਵੱਡਾ ਹਮਲਾ ਕੀਤਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪੰਥ ਦੋਖੀਆਂ ਦੀ ਇਸ ਹਰਕਤ ਨਾਲ ਖ਼ਾਲਸਾ ਪੰਥ ਵਿੱਚ ਭਾਰੀ ਰੋਹ ਅਤੇ ਰੋਸ ਹੈ। ਇਹਨਾਂ ਗੁਰੂ ਦੋਖੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਹੇਠਾਂ ਥੰਮਲਿਆਂ ਨਾਲ ਬੰਨ੍ਹ ਕੇ ਹਰ ਸਿੱਖ ਵੱਲੋਂ ਡਾਂਗ ਫੇਰਨੀ ਚਾਹੀਦੀ ਹੈ। ਇਹ ਵਿਚਾਰ ਸਾਂਝੇ ਕਰਦਿਆਂ ਸਿੱਖ ਪ੍ਰਚਾਰਕ, ਪੰਥਕ ਲੇਖਕ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਨੇ ਕਿਹਾ ਕਿ ਪੰਥ ਦੋਖੀਆਂ ਦੀ ਅੱਤ ਦਾ ਹੁਣ ਅੰਤ ਆ ਗਿਆ ਹੈ, ਇਸ ਨੂੰ ਇੱਥੇ ਹੀ ਠੱਲ੍ਹ ਪਾਉਣੀ ਬੇਹੱਦ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇਹਨਾਂ ਪੰਥ ਦੋਖੀਆਂ ਖ਼ਿਲਾਫ਼ ਤੁਰੰਤ ਸਖ਼ਤ ਅਤੇ ਮਿਸਾਲੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਹ ਸਿੱਖੀ ਸਿਧਾਂਤਾਂ, ਪ੍ਰੰਪਰਾਵਾਂ ਤੇ ਮਰਯਾਦਾ ਉੱਤੇ ਇੱਕ ਸਾਜ਼ਿਸ਼ ਤਹਿਤ ਗੁਰੂ ਦੋਖੀਆਂ ਵੱਲੋਂ ਵੱਡਾ ਹਮਲਾ ਕੀਤਾ ਗਿਆ ਹੈ, ਇਹ ਭਾਰੀ ਬੇਅਦਬੀ ਅਤੇ ਗ਼ੁਨਾਹ ਹੈ, ਇਹਨਾਂ ਮੁਜਰਿਮਾਂ ਅਤੇ ਗੁਨਾਹਗਾਰਾਂ ਦੀ ਪੰਥ ਵਿੱਚ ਕੋਈ ਥਾਂ ਨਹੀਂ ਹੈ, ਸੰਗਤਾਂ ਥਾਂ-ਥਾਂ ਉੱਤੇ ਇਹਨਾਂ ਦਾ ਡਟਵਾਂ ਵਿਰੋਧ ਕਰਨ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪਹਿਲਾਂ ਵੀ ਪੰਥ ਦੋਖੀਆਂ ਵੱਲੋਂ ਅਮਰੀਕਾ ਦੇ ਵਰਜੀਨੀਆ ਸ਼ਹਿਰ ਵਿੱਚ ਅੰਮ੍ਰਿਤ ਸੰਚਾਰ ਅਤੇ ਨਿਤਨੇਮ ਦੀਆਂ ਬਾਣੀਆਂ ਨੂੰ ਬਦਲਣ ਦਾ ਯਤਨ ਕੀਤਾ ਗਿਆ ਸੀ, ਇਹ ਸਿੱਖੀ ਦੇ ਮੂਲ ਸਿਧਾਂਤਾਂ ਉੱਤੇ ਹਮਲੇ ਕਰਕੇ ਸਿੱਖੀ ਦੀਆਂ ਜੜ੍ਹਾਂ ਖੋਖਲੀਆਂ ਕਰਨੀਆਂ ਚਾਹੁੰਦੇ ਹਨ ਪਰ ਗੁਰੂ ਕਾ ਖ਼ਾਲਸਾ ਇਹਨਾਂ ਪੰਥ ਦੋਖੀਆਂ ਖ਼ਿਲਾਫ਼ ਨਿੱਤਰੇਗਾ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇਹ ਲੋਕ ਭਾਰਤੀ ਏਜੰਸੀਆਂ ਅਤੇ ਆਰ ਐਸ ਐਸ ਦੇ ਕਰਿੰਦੇ ਹਨ ਅਤੇ ਜੂਨ 1984 ਤੋਂ ਬਾਅਦ ਸਿੱਖ ਧਰਮ ਵਿੱਚ ਵੰਡੀਆਂ ਪਾਉਣ ਲਈ ਅਜਿਹੇ ਭਾੜੇ ਦੇ ਟੱਟੂ ਪੈਦਾ ਕੀਤੇ ਗਏ ਹਨ ਤਾਂ ਜੋ ਨਵੇਂ ਤੋਂ ਨਵਾਂ ਵਿਵਾਦ ਪੈਦਾ ਕਰਕੇ ਸਿੱਖਾਂ ਵਿੱਚ ਭਰਾ ਮਾਰੂ ਜੰਗ, ਧਰਮ ਪ੍ਰਤੀ ਸ਼ੰਕਾ ਅਤੇ ਗੁਰਬਾਣੀ, ਇਤਿਹਾਸ, ਮਰਯਾਦਾ ਤੇ ਸਿਧਾਂਤਾਂ ਨੂੰ ਰੱਦ ਕੀਤਾ ਜਾ ਸਕੇ, ਪਰ ਪੰਥ ਦੋਖੀਆਂ ਦੀ ਇਸ ਚਾਲ ਨੂੰ ਅਸੀਂ ਸਫਲ ਨਹੀਂ ਹੋਣ ਦਿਆਂਗੇ। ਉਹਨਾਂ ਕਿਹਾ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸਮੁੱਚੀਆਂ ਸੰਪਰਦਾਵਾਂ ਦੇ ਮੁਖੀ, ਪੰਥਕ ਜਥੇਬੰਦੀਆਂ ਦੇ ਆਗੂ, ਸੰਸਥਾਵਾਂ ਦੇ ਅਹੁਦੇਦਾਰ ਇਸ ਮਸਲੇ ਨੂੰ ਹਲਕੇ ਵਿੱਚ ਨਾ ਲੈਣ ਤੇ ਇਹਨਾਂ ਲੋਕਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਇਹ ਵੀ ਕਿਹਾ ਕਿ ਜਿਸ ਸਮੇਂ ਭਾਰਤ ਸਰਕਾਰ ਵਿਰੁੱਧ ਸਿੱਖਾਂ ਦਾ ਸੰਘਰਸ਼ ਚੱਲ ਰਿਹਾ ਹੈ, ਵਿਦੇਸ਼ਾਂ ਵਿੱਚ ਖ਼ਾਲਿਸਤਾਨ ਦੀ ਚਰਚਾ ਹੋ ਰਹੀ ਹੈ, ਸਿੰਘਾਂ ਦੀਆਂ ਸ਼ਹੀਦੀਆਂ ਹੋ ਰਹੀਆਂ ਹਨ ਅਤੇ ਕੌਮ ਹੋਂਦ ਦੀ ਲੜਾਈ ਲੜ ਰਹੀ ਹੈ ਉਸ ਸਮੇਂ ਪ੍ਰੋਫੈਸਰ ਦਰਸ਼ਨ ਸਿੰਘ ਅਤੇ ਕੁਝ ਹੋਰ ਪੰਥ ਦੋਖੀਆਂ ਵੱਲੋਂ ਗੁਰਬਾਣੀ, ਇਤਿਹਾਸ, ਮਰਯਾਦਾ ਤੇ ਸਿੱਖੀ ਦੇ ਸਿਧਾਂਤਾਂ ਉੱਤੇ ਕਿੰਤੂ ਕੀਤਾ ਜਾ ਰਿਹਾ ਹੈ, ਇਹ ਸਿੱਖ ਕੌਮ ਦੀ ਸਰੀਰਕ ਨਸਲਕੁਸ਼ੀ ਤੋਂ ਬਾਅਦ ਸਿਧਾਂਤਕ ਨਸਲਕੁਸ਼ੀ ਹੈ ਜਿਸ ਨੂੰ ਰੋਕਣ ਲਈ ਹਰ ਸਿੱਖ ਨੂੰ ਤਤਪਰ ਰਹਿਣਾ ਚਾਹੀਦਾ ਹੈ।
Posted By:

Leave a Reply